ਕਰਤਾਰਪੁਰ ਲਾਂਘੇ ਰਾਹੀਂ ਘੱਟ ਆਮਦ ਕਾਰਨ PSGPC ਚਿੰਤਤ, ਭਾਰਤ ਨੂੰ ਕੀਤੀ ਮੰਗ

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐੱਸ.ਜੀ.ਪੀ.ਸੀ.) ਨੇ ਬੁੱਧਵਾਰ ਨੂੰ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਵਿਖੇ ਨਵੇਂ ਖੁੱਲ੍ਹੇ ਲਾਂਘੇ ਰਾਹੀਂ ਸ਼ਰਧਾਲੂਆਂ ਦੀ ਘੱਟ ਆਮਦ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਹੁਣ ਇਹ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਦੌਰਾਨ ਘੱਟ ਤੋਂ ਘੱਟ 5000 ਸ਼ਰਧਾਲੂਆਂ ਨੂੰ ਲਾਂਘੇ ਰਾਹੀਂ ਗੁਰਦੁਆਰਾ ਸਾਹਿਬ ਆਉਣ ਦੀ ਆਗਿਆ ਦੇਵੇ, ਜਿਵੇਂ ਕਿ ਉਸ ਨੇ ਮੰਗ ਕੀਤੀ ਸੀ।

ਹਿੰਦੁਸਤਾਨ ਟਾਈਮਸ ‘ਚ ਛਪੀ ਖਬਰ ਮੁਤਾਬਕ ਕਰਤਾਰਪੁਰ ਦੇ ਵਸਨੀਕ, ਜਿਥੇ ਸ੍ਰੀ ਗੁਰੂ ਨਾਨਕ ਸਾਹਿਬ ਨੇ ਜੀਵਨ ਦੇ ਆਖਰੀ ਸਾਲ ਬਿਤਾਏ ਸਨ, ਤੇ ਪੀ.ਐੱਸ.ਜੀ.ਪੀ.ਸੀ. ਮੈਂਬਰ ਇੰਦਰਜੀਤ ਸਿੰਘ ਨੇ ਕਿਹਾ ਕਿ“ਪਹਿਲਾਂ, ਪਾਕਿਸਤਾਨ ਸਰਕਾਰ ਨੇ ਲਾਂਘੇ ਰਾਹੀਂ ਰੋਜ਼ਾਨਾ 500 ਸ਼ਰਧਾਲੂਆਂ ਲਈ ਪ੍ਰਬੰਧ ਕਰਨ ਦੀ ਯੋਜਨਾ ਬਣਾਈ ਸੀ। ਭਾਰਤ ਦੀ ਜ਼ਿੱਦ ‘ਤੇ ਪਾਕਿਸਤਾਨ ਨੇ ਵੱਡੀ ਗਿਣਤੀ ‘ਚ ਸ਼ਰਧਾਲੂਆਂ ਨੂੰ ਲਾਂਘੇ ਰਾਹੀਂ ਕਰਤਾਰਪੁਰ ਆਉਣ ਦੀ ਆਗਿਆ ਦਿੱਤੀ ਤੇ ਉਨ੍ਹਾਂ ਲਈ ਪੀ.ਐੱਸ.ਜੀ.ਪੀ.ਸੀ., ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਪੀ.ਬੀ.) ਤੇ ਹੋਰ ਹਿੱਸੇਦਾਰਾਂ ਨੇ ਮਿਲ ਕੇ ਪ੍ਰਬੰਧ ਕੀਤੇ। ਉਨ੍ਹਾਂ (ਭਾਰਤ) ਨੇ ਵਿਸ਼ੇਸ਼ ਸਮਾਗਮਾਂ ‘ਤੇ ਸ਼ਰਧਾਲੂਆਂ ਦੀ ਗਿਣਤੀ 10,000 ਤੱਕ ਕਰਨ ਦੀ ਵੀ ਮੰਗ ਕੀਤੀ।

ਇੰਦਰਜੀਤ ਸਿੰਘ ਨੇ ਕਿਹਾ ਕਿ ਪਾਕਿਸਤਾਨ ਨੇ ਇਸ ਦੌਰਾਨ 20 ਅਰਬ ਰੁਪਏ ਖਰਚੇ ਹਨ, ਜਿਸ ਨਾਲ ਗੁਰਦੁਆਰਾ ਦਰਬਾਰ ਸਾਹਿਬ ਭਵਨ ਨੂੰ ਨਵਾਂ ਰੂਪ ਦਿੱਤਾ ਗਿਆ ਤੇ ਹੋਰ ਬੁਨਿਆਦੀ ਢਾਂਚਾ ਤਿਆਰ ਕੀਤਾ ਗਿਆ। ਸ਼ਰਧਾਲੂਆਂ ਦੀ ਸਹੂਲਤ ਲਈ ਅੰਤਰਰਾਸ਼ਟਰੀ ਸਰਹੱਦ ਤੋਂ ਸ਼ੁਰੂ ਹੋ ਕੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਵੱਡੀ ਗਿਣਤੀ ‘ਚ ਤਾਇਨਾਤ ਕੀਤੇ ਗਏ ਹਨ। ਹੁਣ, ਜੇ ਇੰਨੀ ਘੱਟ ਗਿਣਤੀ ‘ਚ ਸ਼ਰਧਾਲੂ ਭਾਰਤ ਤੋਂ ਆਉਣਗੇ ਤਾਂ ਇਹ ਉਨ੍ਹਾਂ ਦੇ ਪ੍ਰਬੰਧਾਂ ‘ਤੇ ਸਵਾਲੀਆ ਨਿਸ਼ਾਨ ਹੋਵੇਗਾ।

ਇੰਦਰਜੀਤ ਸਿੰਘ ਨੇ ਕਿਹਾ ਕਿ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਭਾਰਤੀ ਸਿੱਖਾਂ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਸੀ। ਸ਼ਰਧਾਲੂ ਅੰਤਰਰਾਸ਼ਟਰੀ ਸਰਹੱਦ ‘ਤੇ ਦੂਰਬੀਨ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਦੇ ‘ਦਰਸ਼ਨ’ ਕਰਦੇ ਸਨ ਤੇ ਦਹਾਕਿਆਂ ਤੋਂ ਲਾਂਘਾ ਖੋਲ੍ਹਣ ਲਈ ਅਰਦਾਸ ਕਰਦੇ ਰਹੇ ਸਨ। ਹੁਣ, ਜਦੋਂ ਗੁਰੂ ਨੇ ਉਨ੍ਹਾਂ ਦੀਆਂ ਅਰਦਾਸਾਂ ਸੁਣ ਲਈਆਂ ਹਨ, ਉਨ੍ਹਾਂ ਨੂੰ ਵੱਡੀ ਗਿਣਤੀ ‘ਚ ਇਥੇ ਆਉਣਾ ਚਾਹੀਦਾ ਹੈ ਤਾਂ ਜੋ ਇਸ ਰਸਤੇ ਨੂੰ ਖੋਲ੍ਹਣ ਦਾ ਟੀਚਾ ਪ੍ਰਾਪਕ ਕੀਤਾ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਸੰਗਤਾਂ ਲਾਂਘੇ ਦੀ ਵਰਤੋਂ ਕਰਨ ਲਈ ਉਤਸ਼ਾਹਤ ਹਨ ਪਰ ਉਹ ਕੁਝ ਦਿੱਕਤਾਂ ਕਾਰਨ ਇਸ ਦੀ ਵਰਤੋਂ ਨਹੀਂ ਕਰ ਪਾ ਰਹੀਆਂ। ਜ਼ਿਆਦਾਤਰ ਸ਼ਰਧਾਲੂ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਬਾਰੇ ਨਹੀਂ ਜਾਣਦੇ, ਜਿਸ ਲਈ ਕਿਸੇ ਨੂੰ ਕੰਪਿਊਟਰ ਦਾ ਸਹੀ ਗਿਆਨ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, ਹੁਣ ਸਿੱਖ ਕੌਮ ਦਾ ਫਰਜ਼ ਬਣਦਾ ਹੈ ਕਿ ਉਹ ਜਾਗਰੂਕ ਹੋਣ ਕਿ ਇਸ ਯਾਤਰਾ ਲਈ ਅਰਜ਼ੀ ਕਿਵੇਂ ਦਿੱਤੀ ਜਾਵੇ ਤੇ ਉਨ੍ਹਾਂ ਨੂੰ ਇਸ ਦੀ ਆਗਿਆ ਕਿਵੇਂ ਮਿਲ ਸਕਦੀ ਹੈ।

ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ ਕਿ ਕਰਤਾਰਪੁਰ ਆਉਣ ਵਾਲੇ ਸ਼ਰਧਾਲੂ ਗੋਲਕ ਨੂੰ ਕਿੰਨਾ ਪੈਸਾ ਪਾਉਂਦੇ ਹਨ। ਅਸੀਂ ਬੱਸ ਇੰਨਾਂ ਚਾਹੁੰਦੇ ਹਾਂ ਕਿ ਵੱਡੀ ਗਿਣਤੀ ‘ਚ ਸ਼ਰਧਾਲੂ ਇਥੇ ਆਉਣ। ਹੋਰ ਸਿੱਖ ਸੰਸਥਾਵਾਂ ਵੀ ਘੱਟ ਆਮਦ ਕਾਰਨ ਚਿੰਤਤ ਹਨ ਤੇ ਸੋਸ਼ਲ ਮੀਡੀਆ ਤੇ ਹੋਰ ਫੋਰਮਾਂ ਤੇ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਬਾਰੇ ਜਾਣਕਾਰੀ ਦੇ ਰਹੀਆਂ ਹਨ।

Leave a Reply

Your email address will not be published. Required fields are marked *